ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ‘ਤੇ ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿੱਚ ਆਤਮਿਕ ਸ਼ਰਧਾ ਤੇ ਉਤਸ਼ਾਹ ਨਾਲ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਸਵੇਰ ਦੀ ਪ੍ਰਾਰਥਨਾ ਸਮੇਂ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਸ਼ਬਦ ਕੀਰਤਨ ਗਾਇਨ ਕੀਤਾ। ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਉਪਦੇਸ਼—ਕਿਰਤ ਕਰੋ, ਨਾਮ ਤੇ ਸੇਵਾ ਦੇ ਸਿਧਾਂਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਫਿਲਮ ਵੀ ਦਿਖਾਈ ਗਈ।
ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਕੋਟੜਾ ਕਲਾਂ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ, ਜਦਕਿ ਕਿੰਡਰਗਾਰਟਨ ਅਤੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਖਿਆਲਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ। ਸਾਰੇ ਵਿਦਿਆਰਥੀਆਂ ਨੇ ਸ਼ਰਧਾ ਨਾਲ ਲੰਗਰ ਛਕਿਆ ਅਤੇ ਸੇਵਾ ਦੇ ਮਹੱਤਵ ਬਾਰੇ ਸਿੱਖਿਆ ਪ੍ਰਾਪਤ ਕੀਤੀ।
ਇਸ ਅਵਸਰ ‘ਤੇ ਸਕੂਲ ਪ੍ਰਿੰਸੀਪਲ ਸ੍ਰੀ ਅਸ਼ੀਸ਼ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਿੱਖ ਗੁਰੂਆਂ ਦੇ ਉਪਦੇਸ਼ਾਂ ‘ਤੇ ਚਲਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਜੀਵਨ ਸੰਸਾਰ ਲਈ ਸੱਚਾਈ, ਇਮਾਨਦਾਰੀ ਅਤੇ ਸਮਾਨਤਾ ਦਾ ਪ੍ਰਤੀਕ ਹੈ।
ਸਕੂਲ ਚੇਅਰਮੈਨ ਸ੍ਰੀ ਏਕਮਜੀਤ ਸਿੰਘ ਸੋਹਲ ਨੇ ਵੀ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਸਾਨੂੰ ਮਨੁੱਖਤਾ, ਦਇਆ ਅਤੇ ਸੇਵਾ ਦੇ ਰਾਹ ‘ਤੇ ਤੁਰਨ ਦੀ ਪ੍ਰੇਰਨਾ ਦਿੰਦੀ ਹੈ।

