ਡਾ. ਇਕਬਾਲ ਸਿੰਘ ਲਾਲਪੁਰਾ
ਸਿੱਖ ਪੰਥ ਦੀ ਸਿਰਜਣਾ ਮਨੁੱਖ ਤੋਂ ਦੇਵਤਾ ਵਜੋਂ ਕੀਤੀ ਗਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 1469 ਈਸਵੀ ਵਿੱਚ ਪ੍ਰਕਾਸ਼ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨੇ ਆਧਿਆਤਮਿਕ ਉੱਚਾਈਆਂ, ਅਸਾਧਾਰਣ ਕੁਰਬਾਨੀਆਂ, ਰਾਜਨੀਤਿਕ ਉਥਲ-ਪੁਥਲ ਅਤੇ ਲਗਾਤਾਰ ਸੰਘਰਸ਼ ਦਾ ਸਾਹਮਣਾ ਕੀਤਾ ਹੈ। ਮਨੁੱਖਤਾ ਦੀ ਸੇਵਾ ਤੇ ਰਾਖੀ ਇਸ ਦੇਵਤਾ ਸੰਤ ਸਿਪਾਹੀ ਸੰਕਲਪ ਦੀ ਬੁਨਿਆਦ ਹੈ ।ਪਰ ਇਸ ਲੰਬੇ ਇਤਿਹਾਸ ਨੇ ਸਿੱਖ ਮਨੋਵਿਗਿਆਨ ਉੱਤੇ ਡੂੰਘਾ ਪ੍ਰਭਾਵ ਛੱਡਿਆ ਹੈ। ਅੱਜ ਜੇ ਸਿੱਖ ਕੌਮ ਦੇ ਕੁਝ ਹਿੱਸਿਆਂ ਵਿੱਚ ਅਵਿਸ਼ਵਾਸ, ਭਾਵਨਾਤਮਕ ਸੰਵੇਦਨਸ਼ੀਲਤਾ ਜਾਂ ਇਤਿਹਾਸਕ ਪੀੜਾ ਨਜ਼ਰ ਆਉਂਦੀ ਹੈ ਤਾਂ ਇਸ ਨੂੰ ਕੇਵਲ ਵਰਤਮਾਨ ਰਾਜਨੀਤੀ ਦੇ ਸੰਦਰਭ ਵਿੱਚ ਨਹੀਂ, ਸਗੋਂ ਪਿਛਲੀਆਂ ਦੋ ਸਦੀਆਂ ਦੇ ਅਨੁਭਵਾਂ ਦੀ ਰੌਸ਼ਨੀ ਵਿੱਚ ਵੀ ਸਮਝਣ ਦੀ ਲੋੜ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਦੀ ਜੋਤ ਵਜੋਂ ਦਰਸਾਉਂਦੇ ਹਨ। ਉਨ੍ਹਾਂ ਨੇ ਉਸ ਸਮੇਂ ਇੱਕ ਨਵਾਂ ਮਾਰਗ ਦਿਖਾਇਆ ਜਦੋਂ ਬਹੁਤੇ ਸੰਤ ਸੰਸਾਰ ਤਿਆਗ ਕੇ ਜੰਗਲਾਂ ਅਤੇ ਪਹਾੜਾਂ ਵਿੱਚ ਤਪੱਸਿਆ ਕਰਦੇ ਸਨ। ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਕਿ ਪਰਮਾਤਮਾ ਇੱਕ ਹੈ, ਉਹ ਹਰ ਮਨੁੱਖ ਦੇ ਅੰਦਰ ਵੱਸਦਾ ਹੈ ਅਤੇ ਉਸ ਦੀ ਪ੍ਰਾਪਤੀ ਗ੍ਰਿਹਸਥ ਜੀਵਨ ਜੀਉਂਦਿਆਂ ਨਾਮ ਸਿਮਰਨ, ਕਿਰਤ ਕਰਨ ਅਤੇ ਨਿਸ਼ਕਾਮ ਸੇਵਾ ਰਾਹੀਂ ਹੋ ਸਕਦੀ ਹੈ। ਉਨ੍ਹਾਂ ਨੇ ਮਨੁੱਖ ਨੂੰ ਨਿਡਰ, ਨਿਰਵੈਰ ਅਤੇ ਮਨੁੱਖੀ ਮਰਿਆਦਾ ਦੀ ਰੱਖਿਆ ਲਈ ਸਮਰਪਿਤ ਜੀਵਨ ਜੀਊਣ ਦਾ ਉਪਦੇਸ਼ ਦਿੱਤਾ।
ਅਗਲੇ ਨੌਂ ਗੁਰੂ ਸਾਹਿਬਾਨ ਨੇ ਇਸੇ ਫ਼ਲਸਫ਼ੇ ਨੂੰ ਅੱਗੇ ਵਧਾਇਆ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਦੀਆਂ ਸ਼ਹਾਦਤਾਂ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਦਿੱਤੀਆਂ ਗਈਆਂ ਵਿਸ਼ਵ ਇਤਿਹਾਸ ਦੀਆਂ ਮਹਾਨ ਕੁਰਬਾਨੀਆਂ ਹਨ। 1699 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਸੰਤ ਅਤੇ ਸਿਪਾਹੀ ਦੇ ਗੁਣਾਂ ਨਾਲ ਯੁਕਤ ਮਨੁੱਖ ਦੀ ਪਰਿਕਲਪਨਾ ਕੀਤੀ, ਜੋ ਅਨਿਆਂ ਦਾ ਵਿਰੋਧ ਕਰੇ ਅਤੇ ਸਮੁੱਚੀ ਮਨੁੱਖਤਾ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰੇ। 1708 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਦਾ ਦਰਜਾ ਦੇ ਕੇ ਉਨ੍ਹਾਂ ਨੇ ਗੁਰੂ ਪਰੰਪਰਾ ਨੂੰ ਅਮਰ ਰੂਪ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮ ਹਾਕਮਾਂ ਨੂੰ ਸਜ਼ਾ ਦੇ ਕੇ 1710 ਵਿੱਚ ਖ਼ਾਲਸਾ ਰਾਜ ਦੀ ਨੀਂਹ ਰੱਖੀ। ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਮਿਲੀ ਅਤੇ ਸਮਾਜਿਕ ਨਿਆਂ ਨੂੰ ਰਾਜ ਦਾ ਆਧਾਰ ਬਣਾਇਆ ਗਿਆ। ਇਸ ਤੋਂ ਬਾਅਦ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਅਤੇ ਮਿਸਲਾਂ ਨੇ ਲਗਾਤਾਰ ਸੰਘਰਸ਼ ਕਰਕੇ ਸਿੱਖ ਸ਼ਕਤੀ ਨੂੰ ਸੰਗਠਿਤ ਕੀਤਾ।
ਇਸ ਸੰਘਰਸ਼ ਦਾ ਸਿਖਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਇੱਕ ਅਜਿਹਾ ਧਰਮ ਨਿਰਪੱਖ, ਨਿਆਂਪ੍ਰਧ ਅਤੇ ਸਹਿਣਸ਼ੀਲ ਰਾਜ ਕਾਇਮ ਕੀਤਾ ਜਿਸ ਵਿੱਚ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦਾ ਸਨਮਾਨ ਮਿਲਿਆ। ਸਿੱਕੇ ਗੁਰੂ ਸਾਹਿਬਾਨ ਦੇ ਨਾਮ ਉੱਤੇ ਜਾਰੀ ਹੁੰਦੇ ਸਨ ਅਤੇ ਰਾਜ ਦਾ ਉਦੇਸ਼ ਕਿਸੇ ਇੱਕ ਧਰਮ ਦੀ ਸਰਵੋਚਤਾ ਨਹੀਂ, ਸਗੋਂ ਨਿਆਂਪੂਰਣ ਸ਼ਾਸਨ ਸੀ। ਇਹ ਸਿੱਖ ਰਾਜਨੀਤਿਕ ਦਰਸ਼ਨ ਦੀ ਸਭ ਤੋਂ ਉੱਚੀ ਪ੍ਰਾਪਤੀ ਸੀ।
ਪਰ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਅੰਦਰੂਨੀ ਫੁੱਟ ਨੇ ਸਾਮਰਾਜ ਨੂੰ ਕਮਜ਼ੋਰ ਕਰ ਦਿੱਤਾ। 1849 ਵਿੱਚ ਬਰਤਾਨਵੀ ਹਕੂਮਤ ਨੇ ਪੰਜਾਬ ਉੱਤੇ ਕਬਜ਼ਾ ਕਰ ਲਿਆ। ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਧਰਮ ਅਤੇ ਰਾਜ ਤੋਂ ਵੱਖ ਕਰ ਦਿੱਤਾ ਗਿਆ ਅਤੇ ਮਹਾਰਾਣੀ ਜਿੰਦ ਕੌਰ ਨੂੰ ਜਲਾਵਤਨ ਕਰ ਦਿੱਤਾ ਗਿਆ। ਇਹ ਕੇਵਲ ਰਾਜਨੀਤਿਕ ਹਾਰ ਨਹੀਂ ਸੀ; ਇਸ ਨੇ ਸਿੱਖ ਕੌਮ ਦੀ ਸਮੂਹਕ ਯਾਦ ਅਤੇ ਮਨੋਵਿਗਿਆਨ ਉੱਤੇ ਡੂੰਘਾ ਪ੍ਰਭਾਵ ਛੱਡਿਆ।
ਬਰਤਾਨਵੀ ਰਾਜ ਦੌਰਾਨ ਇੱਕ ਪਾਸੇ ਸਿੱਖਾਂ ਦੀ ਬਹਾਦਰੀ ਨੂੰ ਆਪਣੀ ਫੌਜ ਵਿੱਚ ਵਰਤਿਆ ਗਿਆ, ਜਦਕਿ ਦੂਜੇ ਪਾਸੇ ਸਿੱਖ ਪਹਿਚਾਣ ਨੂੰ ਕਮਜ਼ੋਰ ਕਰਨ ਵਾਲੀਆਂ ਕਈ ਧਾਰਾਵਾਂ ਸਰਗਰਮ ਰਹੀਆਂ। ਈਸਾਈ ਮਿਸ਼ਨਰੀਆਂ, ਮੁਸਲਿਮ ਲੀਗ ,ਆਰਿਆ ਸਮਾਜ, ਬ੍ਰਹਮੋ ਸਮਾਜ ਅਤੇ ਹੋਰ ਅੰਦੋਲਨਾਂ ਨੇ ਸਿੱਖ ਧਰਮ ਦੀ ਸੁਤੰਤਰਤਾ ਉੱਤੇ ਸਵਾਲ ਉਠਾਏ। ਕਈ ਇਤਿਹਾਸਕ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਹੇਠ ਚਲੇ ਗਏ ਅਤੇ ਸਿੱਖ ਧਾਰਮਿਕ ਜੀਵਨ ਵਿੱਚ ਵਿਗਾੜ ਆਇਆ।
ਇਸ ਚੁਣੌਤੀ ਦਾ ਜਵਾਬ 1873 ਵਿੱਚ ਸਿੰਘ ਸਭਾ ਲਹਿਰ ਨੇ ਦਿੱਤਾ, ਜਿਸ ਨੇ ਸਿੱਖ ਪਹਿਚਾਣ ਅਤੇ ਗੁਰਮਤਿ ਦੇ ਪੁਨਰਜਾਗਰਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਨੇ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਇਆ ਅਤੇ 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ। ਇਹ ਸਿੱਖ ਇਤਿਹਾਸ ਦਾ ਮਹੱਤਵਪੂਰਨ ਮੋੜ ਸੀ।
ਪਰ ਇਸੇ ਸਮੇਂ ਸਿੱਖ ਲੀਡਰਸ਼ਿਪ ਬਰਤਾਨਵੀ ਹਮਾਇਤੀ ਅਤੇ ਕਾਂਗਰਸ ਹਮਾਇਤੀ ਧੜਿਆਂ ਵਿੱਚ ਵੰਡ ਗਈ। ਨਤੀਜੇ ਵਜੋਂ ਇੱਕ ਅਜਿਹੀ ਸੁਤੰਤਰ, ਦੂਰਅੰਦੇਸ਼ ਅਤੇ ਵਿਸ਼ਵ ਪੱਧਰੀ ਸਿੱਖ ਲੀਡਰਸ਼ਿਪ ਵਿਕਸਿਤ ਨਾ ਹੋ ਸਕੀ ਜੋ ਸਿੱਖ ਫ਼ਲਸਫ਼ੇ, ਸਿੱਖਿਆ ਅਤੇ ਸੰਸਥਾਵਾਂ ਦੇ ਵਿਕਾਸ ਨੂੰ ਲੰਬੇ ਸਮੇਂ ਦੀ ਦਿਸ਼ਾ ਦੇ ਸਕਦੀ। ਇਸ ਦਾ ਪ੍ਰਭਾਵ ਅੱਗੇ ਚੱਲ ਕੇ ਆਜ਼ਾਦੀ ਤੋਂ ਬਾਅਦ ਵੀ ਮਹਿਸੂਸ ਕੀਤਾ ਗਿਆ ।
ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਦਾ ਯੋਗਦਾਨ ਉਨ੍ਹਾਂ ਦੀ ਗਿਣਤੀ ਨਾਲੋਂ ਕਈ ਗੁਣਾ ਵੱਧ ਸੀ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਹਜ਼ਾਰਾਂ ਸਿੱਖਾਂ ਨੇ ਆਜ਼ਾਦੀ ਲਈ ਆਪਣੇ ਪ੍ਰਾਣ ਨਿਓਛਾਵਰ ਕੀਤੇ। ਉਨ੍ਹਾਂ ਨੂੰ ਇਹ ਆਸ ਸੀ ਕਿ ਆਜ਼ਾਦ ਭਾਰਤ ਵਿੱਚ ਨਿਆਂ, ਬਰਾਬਰੀ ਅਤੇ ਧਾਰਮਿਕ ਆਜ਼ਾਦੀ ਦੇ ਉਹੀ ਆਦਰਸ਼ ਸਥਾਪਿਤ ਹੋਣਗੇ ਜਿਨ੍ਹਾਂ ਲਈ ਉਨ੍ਹਾਂ ਦੇ ਗੁਰੂਆਂ ਅਤੇ ਪੂਰਵਜਾਂ ਨੇ ਕੁਰਬਾਨੀਆਂ ਦਿੱਤੀਆਂ ਸਨ।
ਪਰ 1947 ਦੀ ਵੰਡ ਸਿੱਖ ਕੌਮ ਲਈ ਇੱਕ ਹੋਰ ਡੂੰਘਾ ਸਦਮਾ ਸਾਬਤ ਹੋਈ। ਲੱਖਾਂ ਸਿੱਖ ਆਪਣੇ ਪੁਰਖਿਆਂ ਦੀ ਧਰਤੀ, ਗੁਰਧਾਮਾਂ, ਘਰਾਂ ਅਤੇ ਜਾਇਦਾਦਾਂ ਤੋਂ ਵਾਂਝੇ ਹੋ ਗਏ। ਹਜ਼ਾਰਾਂ ਲੋਕ ਮਾਰੇ ਗਏ ਅਤੇ ਅਨੇਕਾਂ ਪਰਿਵਾਰ ਸਦਾ ਲਈ ਉਜੜ ਗਏ। ਇਹ ਸਿਰਫ਼ ਭੂਗੋਲਿਕ ਵੰਡ ਨਹੀਂ ਸੀ, ਸਗੋਂ ਸਿੱਖਾਂ ਦੀ ਇਤਿਹਾਸਕ ਯਾਦ ਅਤੇ ਸੱਭਿਆਚਾਰਕ ਵਿਰਾਸਤ ਦਾ ਵੀ ਵਿਛੋੜਾ ਸੀ।
ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਨਾਲ ਸੰਬੰਧਿਤ ਕਈ ਮੁੱਦੇ ਲੰਬੇ ਸਮੇਂ ਤੱਕ ਵਿਵਾਦਾਂ ਦਾ ਵਿਸ਼ਾ ਬਣੇ ਰਹੇ। ਪੰਜਾਬੀ ਭਾਸ਼ਾ, ਪੰਜਾਬੀ ਸੂਬਾ, ਪਾਣੀਆਂ, ਚੰਡੀਗੜ੍ਹ ਅਤੇ ਕੇਂਦਰ-ਰਾਜ ਸੰਬੰਧਾਂ ਬਾਰੇ ਉੱਠੇ ਵਿਵਾਦਾਂ ਨੇ ਸਿੱਖ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ। ਦੂਜੇ ਪਾਸੇ, ਸਿੱਖ ਲੀਡਰਸ਼ਿਪ ਵੀ ਅਕਸਰ ਪੰਥਕ ਅਤੇ ਰਾਜਨੀਤਿਕ ਤਰਜੀਹਾਂ ਵਿਚਕਾਰ ਸੰਤੁਲਨ ਬਣਾਉਣ ਵਿੱਚ ਅਸਫਲ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ, ਜੋ ਮੁੱਢਲੇ ਤੌਰ ’ਤੇ ਧਾਰਮਿਕ ਅਤੇ ਸਿੱਖਿਆਕ ਮਿਸ਼ਨ ਲਈ ਬਣੀਆਂ ਸਨ, ਉਨ੍ਹਾਂ ਉੱਤੇ ਰਾਜਨੀਤਿਕ ਪ੍ਰਭਾਵ ਵਧਦਾ ਗਿਆ। ਇਸ ਕਾਰਨ ਸਿੱਖ ਫ਼ਲਸਫ਼ੇ, ਇਤਿਹਾਸ, ਖੋਜ ਅਤੇ ਵਿਸ਼ਵ ਪੱਧਰੀ ਪ੍ਰਚਾਰ ਨੂੰ ਉਹ ਤਰਜੀਹ ਨਾ ਮਿਲੀ ਜਿਸ ਦੀ ਲੋੜ ਸੀ।
ਇਸੇ ਦੌਰ ਵਿੱਚ ਕੁਝ ਸਿੱਖ ਨੌਜਵਾਨ ਅੰਤਰਰਾਸ਼ਟਰੀ ਕ੍ਰਾਂਤੀਕਾਰੀ ਅਤੇ ਕਮਿਊਨਿਸਟ ਵਿਚਾਰਧਾਰਾਵਾਂ ਦੇ ਪ੍ਰਭਾਵ ਹੇਠ ਵੀ ਆਏ। ਸਮਾਜਿਕ ਨਿਆਂ ਦੀ ਭਾਵਨਾ ਭਾਵੇਂ ਸਿੱਖ ਧਰਮ ਨਾਲ ਮੇਲ ਖਾਂਦੀ ਹੈ, ਪਰ ਨਾਸਤਿਕਤਾ ਗੁਰਮਤਿ ਦੇ ਮੂਲ ਆਧਿਆਤਮਿਕ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ। ਇਸ ਕਾਰਨ ਕੁਝ ਵਰਗਾਂ ਵਿੱਚ ਵਿਚਾਰਧਾਰਕ ਉਲਝਣ ਪੈਦਾ ਹੋਈ। ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਮਨੁੱਖ ਨੂੰ ਕੇਵਲ ਇੱਕ ਚੰਗਾ ਨਾਗਰਿਕ ਬਣਾਉਣਾ ਨਹੀਂ, ਸਗੋਂ ਪਰਮਾਤਮਾ ਨਾਲ ਜੋੜ ਕੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ “ਸੰਤ-ਸਿਪਾਹੀ” ਦੇਵਤਾ ਬਣਾਉਣਾ ਸੀ।
ਪਿਛਲੇ ਪੰਜਾਹ ਸਾਲਾਂ ਦੌਰਾਨ ਪੰਜਾਬ ਨੇ ਹਿੰਸਾ, ਅਤਿਵਾਦ, ਜਵਾਬੀ ਕਾਰਵਾਈਆਂ ਅਤੇ ਬੇਗੁਨਾਹ ਲੋਕਾਂ ਦੀਆਂ ਮੌਤਾਂ ਦਾ ਇੱਕ ਦਰਦਨਾਕ ਦੌਰ ਵੇਖਿਆ। ਇਸ ਸਮੇਂ ਨੇ ਸਿੱਖ ਨੌਜਵਾਨਾਂ ਅਤੇ ਪਰਿਵਾਰਾਂ ਦੇ ਮਨਾਂ ਉੱਤੇ ਡੂੰਘੇ ਮਨੋਵਿਗਿਆਨਕ ਜ਼ਖ਼ਮ ਛੱਡੇ ਹਨ। ਕਿਸੇ ਵੀ ਨਿਰਦੋਸ਼ ਦੀ ਹੱਤਿਆ ਜਾਂ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਪਰ ਇਨ੍ਹਾਂ ਘਟਨਾਵਾਂ ਨੂੰ ਇਤਿਹਾਸਕ ਸੰਦਰਭ ਤੋਂ ਵੱਖ ਕਰਕੇ ਵੀ ਨਹੀਂ ਸਮਝਿਆ ਜਾ ਸਕਦਾ। ਨਿਆਂ ਵਿੱਚ ਦੇਰੀ, ਵਿਰੋਧੀ ਵਿਆਖਿਆਵਾਂ, ਆਪਸੀ ਅਵਿਸ਼ਵਾਸ ਅਤੇ ਰਾਜਨੀਤਿਕ ਧਰੁਵੀਕਰਨ ਨੇ ਕਈ ਨੌਜਵਾਨਾਂ ਵਿੱਚ ਨਿਰਾਸ਼ਾ ਅਤੇ ਭਰਮ ਨੂੰ ਜਨਮ ਦਿੱਤਾ।
ਅੱਜ ਦੀ ਲੋੜ ਟਕਰਾਅ ਨੂੰ ਵਧਾਉਣ ਦੀ ਨਹੀਂ, ਸਗੋਂ ਜ਼ਖ਼ਮਾਂ ਨੂੰ ਭਰਨ ਦੀ ਹੈ। ਲਗਭਗ ਦੋ ਸਦੀਆਂ ਦੇ ਇਤਿਹਾਸ ਨੇ ਇਹ ਸਿਖਾਇਆ ਹੈ ਕਿ ਸਥਾਈ ਸ਼ਾਂਤੀ ਕੇਵਲ ਸੁਰੱਖਿਆ ਉਪਾਵਾਂ ਨਾਲ ਨਹੀਂ, ਸਗੋਂ ਨਿਆਂ, ਸੱਚ, ਭਰੋਸੇ ਅਤੇ ਭਾਵਨਾਤਮਕ ਆਪਣੱਤ ਨਾਲ ਹੀ ਸਥਾਪਿਤ ਹੋ ਸਕਦੀ ਹੈ। ਸਿੱਖ ਕੌਮ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਦੇਸ਼ ਉਸ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਦਾ ਹੈ, ਉਸ ਦੀ ਪਹਿਚਾਣ ਦੀ ਰੱਖਿਆ ਕਰਦਾ ਹੈ ਅਤੇ ਉਸ ਨੂੰ ਰਾਸ਼ਟਰ-ਨਿਰਮਾਣ ਦਾ ਬਰਾਬਰ ਦਾ ਭਾਗੀਦਾਰ ਮੰਨਦਾ ਹੈ।
ਅੱਗੇ ਦਾ ਰਾਹ
1,ਸਿੱਖ ਫ਼ਲਸਫ਼ੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਅਤੇ ਪ੍ਰਮਾਣਿਕ ਸਿੱਖ ਇਤਿਹਾਸ ਦਾ ਭਾਰਤ ਅਤੇ ਵਿਸ਼ਵ ਪੱਧਰ ਉੱਤੇ ਯੋਜਨਾਬੱਧ ਅਤੇ ਵਿਗਿਆਨਕ ਪ੍ਰਚਾਰ ਕੀਤਾ ਜਾਵੇ।
2,ਧਾਰਮਿਕ ਸੰਸਥਾਵਾਂ ਨੂੰ ਰਾਜਨੀਤਿਕ ਦਖ਼ਲ ਤੋਂ ਮੁਕਤ ਕਰਕੇ ਉਨ੍ਹਾਂ ਨੂੰ ਮੁੜ ਆਧਿਆਤਮਿਕਤਾ, ਸਿੱਖਿਆ, ਖੋਜ ਅਤੇ ਸਮਾਜ ਸੇਵਾ ਦੇ ਕੇਂਦਰ ਬਣਾਇਆ ਜਾਵੇ।
3,ਸਿੱਖ ਇਤਿਹਾਸ, ਗੁਰਮਤਿ, ਪੰਜਾਬੀ ਭਾਸ਼ਾ ਅਤੇ ਲੀਡਰਸ਼ਿਪ ਦੇ ਅਧਿਐਨ ਲਈ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਸਥਾਪਿਤ ਕੀਤੀਆਂ ਜਾਣ।
4,ਸਿੱਖ ਨੌਜਵਾਨਾਂ ਨੂੰ ਉੱਚ ਸਿੱਖਿਆ, ਤਕਨਾਲੋਜੀ, ਖੋਜ, ਉਦਯੋਗ ਅਤੇ ਜਨ ਸੇਵਾ ਵਿੱਚ ਅੱਗੇ ਵਧਣ ਲਈ ਵਿਸ਼ੇਸ਼ ਮੌਕੇ ਪ੍ਰਦਾਨ ਕੀਤੇ ਜਾਣ।
5 ,ਪੰਥਕ ਮਤਭੇਦਾਂ ਨੂੰ ਸੰਵਾਦ, ਸਹਿਮਤੀ ਅਤੇ ਗੁਰੂ-ਕੇਂਦਰਿਤ ਦ੍ਰਿਸ਼ਟੀਕੋਣ ਰਾਹੀਂ ਹੱਲ ਕਰਕੇ ਸਮੂਹਕ ਲੀਡਰਸ਼ਿਪ ਨੂੰ ਮਜ਼ਬੂਤ ਕੀਤਾ ਜਾਵੇ।
6, ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ ਵਿਚਕਾਰ ਨਿਰੰਤਰ ਅਤੇ ਸੰਸਥਾਗਤ ਸੰਵਾਦ ਦੀ ਵਿਵਸਥਾ ਹੋਵੇ ਤਾਂ ਜੋ ਲੰਬੇ ਸਮੇਂ ਤੋਂ ਲੰਬਿਤ ਮੁੱਦਿਆਂ ਦਾ ਸੰਵਿਧਾਨਕ ਅਤੇ ਸ਼ਾਂਤੀਪੂਰਨ ਹੱਲ ਲੱਭਿਆ ਜਾ ਸਕੇ।
7, ਪਿਛਲੇ ਦਹਾਕਿਆਂ ਦੀ ਹਿੰਸਾ ਨਾਲ ਪ੍ਰਭਾਵਿਤ ਸਾਰੇ ਪਰਿਵਾਰਾਂ ਲਈ ਨਿਆਂ, ਸੱਚਾਈ, ਸਨਮਾਨ ਅਤੇ ਪੁਨਰਵਿਸ਼ਵਾਸ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇ।
8, ਭਾਰਤ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਬੁੱਧੀਜੀਵੀਆਂ, ਵਿਦਵਾਨਾਂ, ਪੇਸ਼ੇਵਰਾਂ ਅਤੇ ਉਦਯੋਗਪਤੀਆਂ ਨੂੰ ਸਿੱਖ ਸਮਾਜ ਦੇ ਬੌਧਿਕ ਅਤੇ ਸਮਾਜਿਕ ਪੁਨਰ-ਨਿਰਮਾਣ ਨਾਲ ਜੋੜਿਆ ਜਾਵੇ।
9, ਗੁਰੂ ਸਾਹਿਬਾਨ ਦੀ ਮਰਯਾਦਾ ਅਨੁਸਾਰ ਸਮੂਹਕ ਪੰਥਕ ਫ਼ੈਸਲਾ-ਪ੍ਰਕਿਰਿਆ, ਪੰਜ ਪਿਆਰਿਆਂ ਦੀ ਪਰੰਪਰਾ ਅਤੇ “ਦੀਦਾਰ ਖ਼ਾਲਸਾ” ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਬਾਰੇ ਗੰਭੀਰ ਵਿਚਾਰ ਕੀਤਾ ਜਾਵੇ।
ਸਭ ਤੋਂ ਮਹੱਤਵਪੂਰਨ, ਭਾਰਤ ਵੱਲੋਂ ਸਿੱਖ ਕੌਮ ਨੂੰ ਇਹ ਸਪਸ਼ਟ ਸੰਦੇਸ਼ ਮਿਲਣਾ ਚਾਹੀਦਾ ਹੈ ਕਿ ਉਹ ਦੇਸ਼ ਦੇ ਬਰਾਬਰ ਸਨਮਾਨਤ ਨਾਗਰਿਕ ਹਨ; ਉਨ੍ਹਾਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਧਾਰਮਿਕ ਪਹਿਚਾਣ, ਆਸਥਾ ਅਤੇ ਭਾਵਨਾਵਾਂ ਦੀ ਰੱਖਿਆ ਰਾਸ਼ਟਰ ਦੀ ਸਾਂਝੀ ਜ਼ਿੰਮੇਵਾਰੀ ਹੈ। ਪਿਆਰ, ਨਿਆਂ, ਨਿਰਪੱਖਤਾ ਅਤੇ ਭਾਵਨਾਤਮਕ ਆਪਣੱਤ ਹੀ ਉਹ ਆਧਾਰ ਹਨ ਜਿਨ੍ਹਾਂ ਉੱਤੇ ਸਿੱਖ ਕੌਮ ਅਤੇ ਭਾਰਤ ਦਰਮਿਆਨ ਭਰੋਸੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਕੇਵਲ ਇੱਕ ਹੱਥ ਭਾਵ ਸਰਕਾਰ ਨਾਲ ਤਾੜੀ ਨਹੀਂ ਵੱਜ ਸਕਦੀ, ਸਿੱਖ ਕੌਮ ਦੇ ਆਗੂਆਂ ਨੂੰ ਵੀ ਪੀੜਤ ਹੋਣ ਦਾ ਰਾਗ ਬੰਦ ਕਰ ਨਵੀਂ ਪੀੜ੍ਹੀ ਦੇ ਵਿਕਾਸ ਲਈ ਯਤਨ ਕਰਨਾ ਚਾਹੀਦਾ ਹੈ । ਕੇਂਦਰ ਸਰਕਾਰ ਵੱਲੋਂ ਵੀ ਸਿੱਖ ਧਰਮ ਦੇ ਵਿਕਾਸ ਲਈ ਇੱਕ ਬੋਰਡ ਬਣਾਇਆ ਜਾ ਸਕਦਾ ਹੈ , ਜੋ ਦੇਸ਼ ਭਰ ਦੇ ਸਿੱਖਾਂ ਨਾਲ ਸੰਪਰਕ ਵਿੱਚ ਰਹੇ ।
ਸਿੱਖ ਫ਼ਲਸਫ਼ੇ ਤੇ ਇਤਿਹਾਸ ਦਾ ਸੰਦੇਸ਼ ਟਕਰਾਅ ਨਹੀਂ, ਸਗੋਂ ਮਨੁੱਖਤਾ ਦੀ ਰੱਖਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਨੇ ਇੱਕ ਅਜਿਹੇ ਮਨੁੱਖ ਦੀ ਪਰਿਕਲਪਨਾ ਕੀਤੀ ਜੋ ਪਰਮਾਤਮਾ ਨਾਲ ਜੁੜਿਆ ਹੋਵੇ, ਨਿਆਂ ਲਈ ਖੜ੍ਹਾ ਹੋਵੇ ਅਤੇ ਸਮੂਹ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝੇ। ਸਿੱਖ ਕੌਮ ਦਾ ਭਵਿੱਖ ਵੀ ਅਤੀਤ ਦੀ ਕੜਵਾਹਟ ਵਿੱਚ ਨਹੀਂ, ਸਗੋਂ ਗੁਰੂ ਸਾਹਿਬਾਨ ਦੀ ਇਸ ਸਦੀਵੀ ਦ੍ਰਿਸ਼ਟੀ ਅਨੁਸਾਰ ਪਿਆਰ, ਨਿਆਂ, ਭਰੋਸੇ ਅਤੇ ਭਾਵਨਾਤਮਕ ਆਪਣੱਤ ਰਾਹੀਂ ਹੀ ਸੁਰੱਖਿਅਤ ਅਤੇ ਪ੍ਰਕਾਸ਼ਮਾਨ ਬਣ ਸਕਦਾ ਹੈ।

ਸਾਬਕਾ ਚੇਅਰਮੈਨ
ਰਾਸ਼ਟਰੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ
